ਜੀਵਨ-ਜਾਚ ਨਾਲ ਸਬੰਧਿਤ ਖਤਰੇ ਦੇ ਕਾਰਕ


ਤੁਹਾਡੀ ਰੋਜ਼ਾਨਾ ਰੁਟੀਨ ਵਿਚ ਛੋਟੀਆਂ, ਸਿਹਤਮੰਦ ਤਬਦੀਲੀਆਂ ਇੱਕ ਹੋਰ ਸਟ੍ਰੋਕ ਲਈ ਤੁਹਾਡੇ ਖਤਰੇ ਨੂੰ ਘਟਾ ਸਕਦੀਆਂ ਹਨ। ਤਬਦੀਲੀਆਂ ਕਰਨਾ ਹਮੇਸ਼ਾ ਚੁਣੌਤੀਪੂਰਨ ਹੁੰਦਾ ਹੈ। ਤੁਹਾਡੀ ਸਿਹਤ-ਸੰਭਾਲ ਟੀਮ ਇਸ ਗੱਲ ਦਾ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਕਿ ਤੁਹਾਨੂੰ ਕਿਹੜੇ ਖਤਰੇ ਦੇ ਕਾਰਕਾਂ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹੇ ਟੀਚੇ ਨਿਯਤ ਕਰ ਸਕਦੀ ਹੈ ਜੋ ਤੁਸੀਂ ਪੂਰੇ ਕਰ ਸਕਦੇ ਹੋ।

ਇੱਕ ਹੀ ਰਾਤ ਵਿੱਚ ਖੁਦ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ। ਕਿਸੇ ਅਜਿਹੀ ਚੀਜ਼ ਨਾਲ ਸ਼ੁਰੂ ਕਰੋ ਜੋ ਮੁਕਾਬਲਤਨ ਆਸਾਨ ਹੈ ਅਤੇ ਆਪਣੀ ਸਫਲਤਾ ਦੇ ਵੱਲ ਵਧਦੇ ਰਹੋ।

ਗੈਰ-ਸਿਹਤਮੰਦੀ ਖੁਰਾਕ 

ਤੁਹਾਡੇ ਦੁਆਰਾ ਖਾਧੇ ਜਾਣ ਵਾਲੇ ਖਾਣੇ ਤੁਹਾਡੀ ਸਿਹਤ 'ਤੇ ਅਸਰ ਪਾਉਂਦੇ ਹਨ। ਤੁਹਾਡੇ ਰੋਜ਼ਾਨਾ ਰੁਟੀਨ ਵਿਚ ਛੋਟੀਆਂ ਸਿਹਤਮੰਦ ਤਬਦੀਲੀਆਂ ਇੱਕ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਤੁਹਾਡੇ ਖਤਰੇ ਨੂੰ ਘਟਾ ਸਕਦੀਆਂ ਹਨ। 

 

ਲੋੜੀਂਦੀ ਕਸਰਤ ਨਾ ਕਰਨੀ

ਸਰੀਰਕ ਤੌਰ ਤੇ ਸਰਗਰਮ ਹੋਣਾ ਤੁਹਾਡੇ ਦਿਲ ਅਤੇ ਦਿਮਾਗ ਲਈ ਚੰਗਾ ਹੁੰਦਾ ਹੈ। ਜਿਹੜੇ ਲੋਕ ਸਰਗਰਮ ਨਹੀਂ ਹਨ, ਉਹਨਾਂ ਨੂੰ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਵੱਧ ਖ਼ਤਰਾ ਹੁੰਦਾ ਹੈ, ਨਾਲ ਹੀ ਡਾਇਬਿਟੀਜ਼, ਕੈਂਸਰ ਅਤੇ ਦਿਮਾਗੀ ਕਮਜ਼ੋਰੀ ਦਾ ਵੱਧ ਖਤਰਾ ਹੁੰਦਾ ਹੈ। 

ਕਸਰਤ ਉਹਨਾਂ ਸਭ ਤੋਂ ਵੱਧ ਮਹੱਤਵਪੂਰਨ ਚੀਜ਼ਾਂ ਵਿੱਚੋਂ ਇੱਕ ਹੈ ਜੋ ਤੁਸੀਂ ਆਪਣੀ ਸਿਹਤ ਲਈ ਕਰ ਸਕਦੇ ਹੋ। ਭਾਵੇਂ ਤੁਹਾਡੀ ਸਿਹਤ ਦੀ ਸਥਿਤੀ ਕੋਈ ਵੀ ਹੋਵੇ, ਕੁਝ ਨਾ ਕੁਝ ਅਜਿਹਾ ਹੁੰਦਾ ਹੈ ਜੋ ਤੁਸੀਂ ਸਰਗਰਮ ਰਹਿਣ ਲਈ ਕਰ ਸਕਦੇ ਹੋ। 

ਗੈਰ-ਸਿਹਤਮੰਦ ਵਜ਼ਨ

ਜੇ ਤੁਸੀਂ ਆਪਣੇ ਭਾਰ ਨਾਲ ਸੰਘਰਸ਼ ਕਰ ਰਹੇ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ। 60% ਤੋਂ ਵੱਧ ਕੈਨੇਡੀਅਨ ਬਾਲਗ ਜਾਂ ਤਾਂ ਜ਼ਿਆਦਾ ਭਾਰ ਦੇ ਹਨ ਜਾਂ ਮੋਟੇ ਹਨ। ਵੱਧ ਭਾਰ ਹੋਣ ਨਾਲ ਹਾਈ ਬਲੱਡ ਪ੍ਰੈਸ਼ਰ, ਹਾਈ ਕਲੈਸਟ੍ਰੋਲ, ਡਾਇਬਿਟੀਜ਼ ਅਤੇ ਸਲੀਪ ਐਪਨੀਆ ਹੋ ਸਕਦਾ ਹੈ। ਮੋਟਾਪਾ ਤੁਹਾਡੀ ਦਿਲ ਦੀ ਬਿਮਾਰੀ ਦੀ ਸੰਭਾਵਨਾ ਨੂੰ ਦੁੱਗਣਾ ਕਰ ਸਕਦਾ ਹੈ।

ਸਿਗਰਟਨੋਸ਼ੀ (ਤਮਾਕੂ ਦੀ ਦੁਰਵਰਤੋਂ)

ਦਰਮਿਆਨੀ ਉਮਰ ਦੇ ਮਰਦਾਂ ਅਤੇ ਔਰਤਾਂ ਵਿੱਚ ਸਿਗਰਟਨੋਸ਼ੀ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਤੋਂ ਮੌਤ ਹੋਣ ਦੇ ਖ਼ਤਰੇ ਨੂੰ ਤਿੰਨ ਗੁਣਾ ਕਰਦੀ ਹੈ।

ਸਿਗਰਟਨੋਸ਼ੀ ਨੂੰ ਛੱਡਣਾ ਉਹਨਾਂ ਸਭ ਤੋਂ ਵਧੀਆ ਗੱਲਾਂ ਵਿੱਚੋਂ ਇੱਕ ਹੈ ਜੋ ਤੁਸੀਂ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਨੂੰ ਰੋਕਣ ਲਈ ਕਰ ਸਕਦੇ ਹੋ। ਸ਼ਾਇਦ ਤੁਸੀਂ ਡਰਦੇ ਹੋਵੋ ਕਿ ਛੱਡਣਾ ਬਹੁਤ ਮੁਸ਼ਕਲ ਹੋਵੇਗਾ, ਪਰ ਜਦੋਂ ਤੁਸੀਂ ਤਿਆਰ ਹੋ ਤਾਂ ਤੁਹਾਡੇ ਲਈ ਬਹੁਤ ਸਾਰੀ ਮਦਦ ਉਪਲਬਧ ਹੈ।  

ਬਹੁਤ ਜ਼ਿਆਦਾ ਸ਼ਰਾਬ

ਜ਼ਿਆਦਾ ਪੀਣਾ ਅਤੇ ਥੋੜ੍ਹੇ ਸਮੇਂ 'ਚ ਹੀ ਜ਼ਿਆਦਾ ਪੀ ਜਾਣਾ ਹਾਈ ਬਲੱਡ ਪ੍ਰੈਸ਼ਰ ਅਤੇ ਸਟ੍ਰੋਕ ਲਈ ਖਤਰੇ ਦੇ ਕਾਰਕ ਹਨ। ਸ਼ਰਾਬ ਤੁਹਾਡੀਆਂ ਦਵਾਈਆਂ ਨਾਲ ਅੰਤਰਕਿਰਿਆ ਕਰ ਕੇ ਵੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ। 

ਗਰਭ ਰੋਕਣ ਅਤੇ ਹਾਰਮੋਨ ਰਿਪਲੇਸਮੈਂਟ ਥੈਰੇਪੀ (HRT)

ਦਵਾਈਆਂ ਜਿਨ੍ਹਾਂ ਵਿੱਚ ਐਸਟ੍ਰੋਜਨ - ਮਾਦਾ ਹਾਰਮੋਨ - ਹੁੰਦਾ ਹੈ, ਦਿਲ ਦੇ ਦੌਰੇ, ਸਟ੍ਰੋਕ ਅਤੇ ਮਿੰਨੀ-ਸਟ੍ਰੋਕ (TIA) ਦੇ ਖ਼ਤਰੇ ਨੂੰ ਵਧਾਉਂਦੀਆਂ ਹਨ। 

ਹਾਰਮੋਨ ਰਿਪਲੇਸਮੈਂਟ ਥੈਰੇਪੀ (HRT) (ਆਮ ਤੌਰ 'ਤੇ ਮੀਨੋਪੌਜ਼ ਦੇ ਲੱਛਣਾਂ ਲਈ ਤਜਵੀਜ਼ ਕੀਤੀ ਜਾਂਦੀ ਹੈ) ਅਤੇ ਕਈ ਗਰਭ-ਨਿਰੋਧਕ ਗੋਲੀਆਂ ਵਿਚ ਐਸਟ੍ਰੋਜਨ ਹੁੰਦਾ ਹੈ।  ਜੇ ਤੁਸੀਂ ਗਰਭ-ਨਿਰੋਧਕ ਗੋਲੀਆਂ ਜਾਂ ਹਾਰਮੋਨ ਰਿਪਲੇਸਮੈਂਟ ਥੈਰੇਪੀ ਲੈਂਦੇ ਹੋ ਤਾਂ ਆਪਣੇ ਸਿਹਤ ਸੰਭਾਲ ਪੇਸ਼ੇਵਰ ਨਾਲ ਲਾਭਾਂ ਅਤੇ ਖਤਰਿਆਂ ਬਾਰੇ ਚਰਚਾ ਕਰੋ। ਔਰਤਾਂ ਦੇ ਵਿਲੱਖਣ ਖਤਰੇ ਦੇ ਕਾਰਕਾਂ ਬਾਰੇ ਹੋਰ ਜਾਣੋ। 

ਮਨੋਰੰਜਨ ਲਈ ਡਰੱਗ ਦੀ ਵਰਤੋਂ

ਐਮਫੇਟਾਮਾਈਨਜ਼, ਕੈਨਾਬਿਸ (ਗਾਂਜਾ), ਕੋਕੀਨ, ਐਕਸਟੇਸੀ, ਹੈਰੋਇਨ, ਓਪੀਓਇਡ, LSD ਅਤੇ PCP, ਸਟ੍ਰੋਕ ਹੋਣ ਅਤੇ ਦਿਲ ਦੀ ਬਿਮਾਰੀ ਵਿਕਸਤ ਹੋਣ ਦੇ ਤੁਹਾਡੇ ਖਤਰੇ ਨੂੰ ਵਧਾਉਂਦੀਆਂ ਹਨ। ਜਦੋਂ ਸਟ੍ਰੋਕ ਹੁੰਦਾ ਹੈ, ਇਹ ਅਕਸਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਘੰਟਿਆਂ ਦੇ ਅੰਦਰ-ਅੰਦਰ ਹੁੰਦਾ ਹੈ।  

ਤਣਾਉ

ਤਣਾਉ ਲਗਭਗ ਹਰ ਕਿਸੇ ਲਈ ਜ਼ਿੰਦਗੀ ਦਾ ਹਿੱਸਾ ਹੈ।  ਕਦੇ-ਕਦੇ ਤਣਾਉ ਨੂੰ ਪਛਾਣਨਾ ਅਸਾਨ ਨਹੀਂ ਹੁੰਦਾ ਕਿਉਂਕਿ ਅਸੀਂ ਜੀਵਨ ਦੇ ਪ੍ਰਵਾਹ ਵਿੱਚ ਫਸ ਜਾਂਦੇ ਹਾਂ।   

ਹਾਲਾਂਕਿ ਤਣਾਉ ਪਹਿਲਾਂ ਮਨ ਵਿੱਚ ਹੁੰਦਾ ਹੈ, ਪਰ ਇਸਦਾ ਸਰੀਰ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਜਿਨ੍ਹਾਂ ਲੋਕਾਂ ਨੂੰ ਉੱਚੇ ਪੱਧਰ ਦਾ ਤਣਾਉ ਜਾਂ ਲੰਬੇ ਸਮੇਂ ਤਕ ਤਣਾਉ ਹੁੰਦਾ ਹੈ ਉਹਨਾਂ ਦਾ ਕਲੈਸਟ੍ਰੋਲ ਜਾਂ ਬਲੱਡ ਪ੍ਰੈਸ਼ਰ ਉੱਚਾ ਹੁੰਦਾ ਹੈ। ਉਹਨਾਂ ਨੂੰ ਧਮਣੀਆਂ ਦੇ ਪਤਲਾ ਹੋਣ (ਐਥਰੋਸਕਲੇਰੋਸਿਸ) ਹੋਣ ਦੀ ਵਧੇਰੇ ਸੰਭਾਵਨਾ ਹੋ ਸਕਦੀ ਹੈ, ਜੋ ਕਿ ਸਟ੍ਰੋਕ ਲਈ ਇੱਕ ਖਤਰੇ ਦਾ ਕਾਰਕ ਹੈ।